ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ
ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਕੋਲਕਾਤਾ ਅਤੇ ਚਿਨੇਈ ਨੈਸ਼ਨਲ ਹਾਈਵੇ ਤੇ ਕਟਕ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਮਹਾਨਦੀ ਦੇ ਕੰਢੇ ਤੇ ਸਿਖਰਪੁਰ ਵਿਖੇ ਸੁਸ਼ੋਭਿਤ ਹੈ I ਕਟਕ ਸ਼ਹਿਰ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ੨੫ ਕਿਲੋਮੀਟਰ ਦੀ ਦੂਰੀ ਤੇ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ I
ਸੰਮਤ ੧੫੦੬ ਵਿਚ ਗੁਰੂ ਨਾਨਕ ਦੇਵ ਜੀ ਅਸਾਮ, ਬੰਗਾਲ ਤੋਂ ਹੁੰਦੇ ਹੋਏ ਉੜੀਸਾ ਵਿਚ ਭੱਦਰਕ, ਜਾਜਪੁਰ, ਕਟਕ ਅਤੇ ਪੁਰੀ ਪਹੁੰਚੇ I ਕਟਕ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮਹਾਨਦੀ ਦੇ ਕਿਨਾਰੇ ਆ ਕੇ ਟਿਕਾਣਾ ਕੀਤਾ I ਜਦੋਂ ਗੁਰੂ ਜੀ ਇਥੇ ਆ ਕੇ ਰੁਕੇ ਤਾਂ ਉੜੀਸਾ ਦਾ ਗਵਰਨਰ (ਜੋ ਕਿ ਗੁਰੂ ਜੀ ਦੇ ਨਾਮ ਤੋਂ ਜਾਣੂ ਸੀ) ਉਨ੍ਹਾਂ ਦੇ ਦਰਸ਼ਨਾਂ ਨੂੰ ਆਇਆ, ਜਿਸ ਕਰਕੇ ਸਥਾਨਕ ਲੋਕਾਂ ਵਿਚ ਗੁਰੂ ਜੀ ਦੇ ਨਾਮ ਦੀ ਬੜੀ ਸ਼ਲਾਘਾ ਹੋਈ ਅਤੇ ਬਹੁਤ ਲੋਕੀਂ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ I ਮਹਾਨਦੀ ਦੇ ਕਿਨਾਰੇ ਜਿੱਥੇ ਗੁਰੂ ਜੀ ਠਹਿਰੇ ਹੋਏ ਸਨ, ਉਥੇ ਨੇੜੇ ਹੀ ਇੱਕ ਸਾਧੂ ਰਹਿੰਦਾ ਸੀ, ਜਿਸ ਦਾ ਨਾਮ ਚੇਤਨਿਆਂ ਭਾਰਤੀ ਸੀ, ਜੋ ਕਿ ਭੈਰਵ ਦੇਵ ਦੀ ਪੂਜਾ ਕਰਦਾ ਸੀ I ਜਦੋ ਗੁਰੂ ਜੀ ਦੀ ਮਾਨਤਾ ਵੱਧਦੀ ਦੇਖੀ ਤਾਂ ਚੇਤਨਿਆਂ ਭਾਰਤੀ ਤੋਂ ਬਰਦਾਸ਼ਤ ਨਾ ਹੋਈ, ਕਿਉਂਕਿ ਬਹੁਤੇ ਸ਼ਰਧਾਲੂ ਉਸ ਵੱਲ ਨਾ ਜਾ ਕੇ ਗੁਰੂ ਜੀ ਵੱਲ ਖਿੱਚੇ ਜਾ ਰਹੇ ਸਨ I ਉਸ ਨੇ ਭੈਰਵ ਦੇਵਤੇ ਅੱਗੇ ਅਰਜੋਈ ਕੀਤੀ ਤਾਂ ਕਿ ਉਹ ਗੁਰੂ ਜੀ ਨੂੰ ਇਥੇ ਨਾ ਠਹਿਰਨ ਲਈ ਮਜ਼ਬੂਰ ਕਰੇ ਅਤੇ ਜਿੰਨੀਆਂ ਮਾਇਆਵੀ ਸ਼ਕਤੀਆਂ ਉਸ ਦੇ ਵੱਸ ਵਿੱਚ ਕੀਤੀਆਂ ਹੋਇਆ ਸੀ, ਉਨ੍ਹਾਂ ਦੇ ਪ੍ਰਯੋਗ ਕਰਕੇ ਗੁਰੂ ਜੀ ਨੂੰ ਤੰਗ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ, ਪਰ ਉਸ ਦਾ ਵੱਸ ਨਾ ਚੱਲਿਆ I ਆਖਿਰ ਉਸਨੇ ਗੁੱਸੇ ਵਿੱਚ ਆ ਕੇ ਨਾਲ ਲੱਗਦੇ ਸਾਹਾੜਾ ਦਰਖੱਤ ਤੋਂ ਇੱਕ ਸੋਟੀ ਤੋੜੀ ਅਤੇ ਗੁਰੂ ਜੀ ਨੂੰ ਮਾਰਨ ਲਈ ਤੁਰ ਪਿਆ I ਗੁਰੂ ਜੀ ਦੇ ਸਾਹਮਣੇ ਹੋਣ ਤੇ ਗੁਰੂ ਜੀ ਨਾਲ ਨੇਤਰ ਮਿਲਣ ਦੀ ਦੇਰ ਸੀ ਕਿ ਸੋਟੀ ਉਸਦੇ ਹੱਥੋਂ ਡਿੱਗ ਪਈ ਅਤੇ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਚਰਨੀਂ ਪੈ ਗਿਆ I ਗੁਰੂ ਜੀ ਨੇ ਚੇਤਨਿਆਂ ਭਾਰਤੀ ਨੂੰ ਰਿੱਧੀਆਂ ਸਿੱਧੀਆਂ ਛੱਡ ਕੇ ਇੱਕ ਪ੍ਰਭੂ ਦੇ ਸੱਚੇ ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ ਅਤੇ ਹੋਰ ਸਾਰਿਆਂ ਨੂੰ ਵੀ ਸੱਚੇ ਨਾਮ ਨਾਲ ਜੋੜਨ ਲਈ ਕਿਹਾ I ਚੇਤਨਿਆਂ ਨੂੰ ਵੀ ਚੇਤੰਨਤਾ ਬਖਸ਼ੀ I
ਇੱਕ ਦਿਨ ਚੇਤਨਿਆਂ ਨੇ ਸਾਹਾੜਾ ਦੀ ਟਾਹਣੀ ਦੀ ਦਾਤਨ ਗੁਰੂ ਜੀ ਨੂੰ ਪੇਸ਼ ਕੀਤੀ I ਚੇਤਨਿਆਂ ਵਲੋਂ ਭੇਟ ਕੀਤੀ ਦਾਤਨ ਨੂੰ ਗੁਰੂ ਜੀ ਕਰਨ ਲੱਗ ਪਏ ਅਤੇ ਫਿਰ ਉਥੇ ਹੀ ਜ਼ਮੀਨ ਵਿੱਚ ਗੱਡ ਦਿੱਤੀ, ਜੋ ਸਮਾਂ ਪਾ ਕੇ ਇੱਕ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਗਈ, ਜਿਸ ਦੇ ਨਾਮ ਨਾਲ ਇਥੇ ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਦੀ ਸਥਾਪਨਾ ਹੋਈ I
ਇਹ ਰੁੱਖ ਜਦੋਂ ਬਿਰਧ ਹੋ ਕੇ ਡਿੱਗ ਪਿਆ ਤਾਂ ਇਸਦਾ ਇੱਕ ਟੁਕੜਾ ਕੱਟ ਕੇ ਸੰਮਤ ੧੯੩੦ ਵਿੱਚ ਰੇਵੈਨਸ਼ਾ ਕਾਲਜ, ਕਟਕ ਦੇ ਪ੍ਰੋਫੈਸਰ ਬਾਬਾ ਕਰਤਾਰ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਪ੍ਰੋਫੈਸਰ ਪੀ.ਕੇ ਪਰਿਜਾ, ਜੋ ਕਿ ਪ੍ਰਸਿੱਧ ਬੋਟਾਨਿਸਟ ਸਨ, ਨੇ ਆਪਣੇ ਸਾਥੀ ਸਾਇੰਸਦਾਨਾਂ ਨਾਲ ਰਲ ਕੇ ਇਸ ਟੁਕੜੇ ਦੀ ਖੋਜ ਕੀਤੀ ਅਤੇ ਸਿੱਧ ਕੀਤਾ ਕਿ ਇਸ ਰੁੱਖ ਦੀ ਉਮਰ ਉਹੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਇਥੇ ਆਏ ਸਨ I ਉਸ ਤੋਂ ਬਾਅਦ ਰੁੱਖ ਦੇ ਥੱਲਿਉਂ ਫਿਰ ਜੜ ਉੱਗ ਪਈ, ਜੋ ਕਿ ਹੁਣ ਫਿਰ ਵਿਸ਼ਾਲ ਰੁੱਖ ਬਣ ਚੁੱਕਾ ਹੈ I ਟੈਸਟ ਕੀਤਾ ਹੋਇਆ ਟੁਕੜਾ ਅੱਜ ਵੀ ਗੁਰਦੁਆਰਾ ਸਾਹਿਬ ਸੇ ਸ਼ੋਅਪੀਸ ਵਿੱਚ ਸੁਸ਼ੋਭਿਤ ਹੈ ਅਤੇ ਸੰਗਤਾਂ ਦਰਸ਼ਨ ਕਰਦਿਆਂ ਹਨ I
ਬਾਬਾ ਕਰਤਾਰ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਨੇ ਸੰਗਤਾਂ ਤੋਂ ਕੁਝ ਮਾਇਆ ਇੱਕਤਰ ਕਰਕੇ ਪੱਕੀ ਇਮਾਰਤ ਤਿਆਰ ਕਰ ਦਿੱਤੀ, ਜੋ ਕਿ ਗੁਰਦੁਆਰਿਆਂ ਗੁਰੂ ਨਾਨਕ ਦਾਤਨ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ ਅਤੇ ਇਸ ਇਮਾਰਤ ਵਿੱਚ ੧੯੩੫ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ, ਜਿਸ ਨਾਲ ਸਾਰੀਆਂ ਸਿੱਖ ਸੰਗਤਾਂ ਲਈ ਇੱਕ ਜਗ੍ਹਾ ਇਕੱਠੇ ਹੋ ਕੇ ਸਿੱਖੀ ਦੇ ਮੁਖ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕੋ ਦੇ ਪ੍ਰਚਾਰ ਲਈ ਇਕ ਪਲੇਟ ਫਾਰਮ ਤਿਆਰ ਹੋ ਗਿਆ I
੧੯੪੭ ਤੋਂ ਪਹਿਲਾਂ ਕਟਕ ਸ਼ਹਿਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਗਿਣਤੀ ਬਹੁਤ ਘੱਟ ਸੀ I ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਬਾਅਦ ਕੁਝ ਪਰਿਵਾਰ ਇਥੇ ਆ ਕੇ ਵੱਸੇ ਅਤੇ ਕੁਝ ਬਰਮਾ ਤੋਂ ਵੀ ਆਏ I ਇਸ ਤਰ੍ਹਾਂ ਇਥੇ ਆ ਕੇ ਸਾਰਿਆਂ ਨੂੰ ਆਪਣੇ ਧਾਰਮਿਕ, ਸਭਿਆਚਾਰਕ ਅਤੇ ਭਾਈਚਾਰਕ ਵਿਚਾਰ ਸਾਂਝੇ ਕਰਨ ਦਾ ਇੱਕ ਟਿਕਾਣਾ ਮਿਲ ਗਿਆ, ਜਿਸ ਤੋਂ ਉਨ੍ਹਾਂ ਨੇ ਗੁਰੂ ਜੀ ਵਲੋਂ ਦੱਸੀਆਂ ਸੇਧਾਂ ਦੁਆਰਾ ਸਥਾਨਕ ਲੋਕਾਂ ਵਿੱਚ ਪ੍ਰੇਮ ਅਤੇ ਭਾਈਚਾਰਕ ਮਾਹੌਲ ਬਣਾਇਆ I ਸਿੱਖੀ ਦੀ ਖੁਸ਼ਬੋ ਫੈਲੀ I
ਸੰਮਤ ੧੯੩੫ ਦੀ ਬਣਾਈ ਬਿਲਡਿੰਗ ਜਦੋਂ ਸੰਗਤ ਦੇ ਵੱਧਣ ਨਾਲ ਛੋਟੀ ਪੈਣ ਲੱਗੀ ਤਾਂ ਇਸ ਦੇ ਨਾਲ ਦੀ ਥਾਂ ਖਰੀਦ ਕੇ ੧੯੮੮ ਵਿੱਚ ਇੱਕ ਸ਼ਾਨਦਾਰ ਇਮਾਰਤ ਤਿਆਰ ਕਰ ਲਈ ਗਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੀਂ ਬਿਲਡਿੰਗ ਵਿੱਚ ਕਰ ਦਿੱਤਾ ਗਿਆ ਅਤੇ ਪੁਰਾਣੀ ਬਿਲਡਿੰਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਾਵਨ ਨਾਮ ਤੇ ਗੁਰੂ ਨਾਨਕ ਪਬਲਿਕ ਸਕੂਲ ਖੋਲ ਦਿੱਤਾ ਗਿਆ, ਜਿਸ ਵਿੱਚ ਸਾਰੇ ਧਰਮਾਂ ਦੇ ਬੱਚੇ ਸਿੱਖਿਆ ਪ੍ਰਾਪਰਟੀ ਕਰ ਰਹੇ ਹਨ I "ਵਿਦਿਆ ਵਿਚਾਰੀ ਤਾ ਪਰਉਪਕਾਰੀ" ਦੇ ਸਿਧਾਂਤ ਨੂੰ ਮੁਖ ਰੱਖ ਕੇ ਨਾਨਕ ਨਾਮ ਲੇਵਾ ਸੰਗਤਾਂ, ਇਲਾਕੇ ਵਿੱਚ ਭਰਾਤਰੀ ਭਾਵ ਅਤੇ ਸਾਂਝੀਵਾਲਤਾ ਨੂੰ ਪ੍ਰਫੁਲਤ ਕਰ ਰਹੀਆਂ ਹਨ I
ਨਵੀਂ ਬਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਸਾਹਮਣੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਦਾਤਨ ਸਾਹਿਬ ਦੇ ਰੁੱਖ ਤੋਂ ਇੱਕ ਟਾਹਣੀ ਲੈ ਕੇ ਕਲਮ ਲੈ ਦਿੱਤੀ ਗਈ ਹੈ, ਜੋ ਹੁਣ ਪਰਫਿਲਤ ਹੋ ਗਈ ਹੈ I ਅੱਜ ਵੀ ਏਥੇ ਮਨਾਏ ਜਾ ਰਹੇ ਹਰ ਇੱਕ ਗੁਰਪੁਰਬ ਤੇ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਥੇ ਦੀਆਂ ਸਥਾਨਕ ਸੰਗਤਾਂ ਸ਼ਰਧਾ ਨਾਲ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹਨ I ਜਿਸ ਨਾਲ ਭਾਈਚਾਰਕ ਸਾਂਝ ਅੱਗੇ ਹੋਰ ਪੱਕੀ ਹੋ ਰਹੀ ਹੈ I
ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਵਿੱਚ ਹੀ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦਾ ਇੱਕ ਹੈਡ ਆਫਿਸ ਹੈ I ਬੋਰਡ ਦੁਆਰਾ ਸਾਰੇ ਉੜੀਸਾ ਦੀਆਂ ਸਿੰਘ ਸਭਾਵਾਂ ਨੂੰ ੬ ਜ਼ੋਨਾਂ ਵਿੱਚ ਪਰੋਕੇ ਰੱਖਿਆ ਹੋਇਆ ਹੈ, ਜੋ ਕਿ ਕਟਕ, ਭੁਵਨੇਸ਼ਵਰ, ਭਵਾਨੀਪਟਨਾ, ਸੰਬਲਪੁਰ, ਰੋੜਕਿਲਾ ਅਤੇ ਬੜਬਿਲ ਹਨ I ਬਾਕੀ ਸਾਰੀਆਂ ਸਿੰਘ ਸਭਾਵਾਂ ਨੂੰ ਇਨ੍ਹਾਂ ੬ ਜ਼ੋਨਾਂ ਨਾਲ ਸੰਬੰਧਤ ਹਨ, ਜਿਨ੍ਹਾਂ ਕਰਕੇ ਸਾਰੇ ਉੜੀਸਾ ਦੀ ਸਿੱਖ ਸੰਗਤ ਦਾ ਆਪਸ ਵਿੱਚ ਪਿਆਰ ਬਣਿਆ ਹੋਇਆ ਹੈ I ਰਲ ਮਿਲ ਕੇ ਕਿਸੇ ਵੀ ਸਮਸਿਆ ਦਾ ਹਲ ਲੱਭਿਆ ਜਾਂਦਾ ਹੈ I ਗੁਰੂ ਜੀ ਦੀ ਕ੍ਰਿਪਾ ਸਦਕਾ ਉੜੀਸਾ ਦੀਆਂ ਸੰਗਤਾਂ ਉਨ੍ਹਾਂ ਦੇ ਪਾਏ ਪੂਰਨਿਆਂ ਅਨੁਸਾਰ ਉੜੀਸਾ ਵਿੱਚ ਵਿਚਰ ਰਹੀਆਂ ਹਨ I
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ